Baba Deep Singh Ji Shaheed

Baba Deep Singh Ji Shaheed
Dhan Dhan Baba Deep Singh Ji

Tuesday, July 22, 2014

Jathedar Avtar Singh Brahma

Jathedar Avtar Singh Brahma
ਸ਼ਹੀਦੀ ਦਿਹਾੜਾ 22 ਜੁਲਾਈ 1988, "ਸ਼ਹੀਦ ਜੱਥੇਦਾਰ ਅਵਤਾਰ ਸਿੰਘ ਬ੍ਰਹਮਾ"-ਖਾਲਿਸਤਾਨ ਲਿਬਰੇਸ਼ਨ ਫੋਰਸ

ਭਾਈ ਅਵਤਾਰ ਸਿੰਘ ਬ੍ਰਹਮਾ ਦਾ ਜਨਮ ਸੰਨ 1951 ਵਿਚ ਪਿਤਾ ਸ੍ਰ. ਸੋਹਨ ਸਿੰਘ ਜੀ ਦੇ ਘਰ ਮਾਤਾ ਚੰਨਣ ਕੌਰ ਜੀ ਦੀ ਕੁੱਖੋਂ ਪਿੰਡ ਬ੍ਰਹਮਪੁਰਾ (ਨਜ਼ਦੀਕ ਚੋਹਲਾ ਸਾਹਿਬ) ਤਹਿਸੀਲ ਤਰਨਤਾਰਨ, ਜ਼ਿਲਾ ਅੰਮ੍ਰਿਤਸਰ ਵਿਖੇ ਹੋਇਆ। ਭਾਈ ਬ੍ਰਹਮਾ ਚਾਰ ਭਰਾਵਾਂ ਵਿਚੋਂ ਸਭ ਤੋਂ ਛੋਟੇ ਸਨ। ਵੱਡੇ ਭਰਾ ਸ੍ਰ. ਬਲਕਾਰ ਸਿੰਘ ਜੀ, ਸ੍ਰ. ਸਾਧਾ ਸਿੰਘ ਜੀ, ਸ੍ਰ. ਹਰਦੇਵ ਸਿੰਘ ਜੀ, ਜੋ ਪਿੰਡ ਬ੍ਰਹਮਪੁਰਾ ਵਿਚ ਖੇਤੀਬਾੜੀ ਦਾ ਕੰਮ ਕਰਦੇ ਹਨ ਅਤੇ ਗੁਰਸਿੱਖੀ ਜੀਵਨ ਤੇ ਸੱਚ-ਹੱਕ ਦੀ ਕਿਰਤ ਕਮਾਈ ਕਰਕੇ ਬੜਾ ਸਾਦਾ ਜੀਵਨ ਬਤੀਤ ਕਰਦੇ ਹਨ। ਭਾਈ ਅਵਤਾਰ ਸਿੰਘ ਜੀ ਬ੍ਰਹਮਾ ਨੇ ਪੰਜਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਕੀਤੀ। ਇਸ ਤੋਂ ਬਾਅਦ ਆਮ ਜਿਮੀਂਦਾਰਾਂ ਦੇ ਪੁੱਤਰਾਂ ਵਾਂਗ ਘਰ ਦਾ ਕੰਮ ਧੰਦਾ ਕਰਨ ਲੱਗ ਪਏ।

ਸੰਨ 1966 ਵਿਚ ਬਾਬਾ ਦਇਆ ਸਿੰਘ ਜੀ ਸੁਰਸਿੰਘ ਵਾਲੇ ਪਿੰਡ ਲੁਹਾਰ ਜੱਥੇ ਸਮੇਤ ਆਏ। ਭਾਈ ਅਵਤਾਰ ਸਿੰਘ ਜੀ ਆਪਣੇ ਵੱਡੇ ਭਰਾ ਸ੍ਰ. ਸਾਧਾ ਸਿੰਘ ਨਾਲ ਜੱਥੇ ਦੇ ਪੰਜਾ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ ਅਤੇ ਇਸੇ ਦਿਨ ਤੋਂ ਹੀ ਬਿਧੀਚੰਦੀਏ ਨਿਹੰਗ ਸਿੰਘਾਂ ਦੇ ਦਲ ਵਿਚ ਸ਼ਾਮਲ ਹੋ ਗਏ। ਭਾਈ ਅਵਤਾਰ ਸਿੰਘ ਜੀ ਦੇ ਸੇਵਾ-ਸਿਮਰਨ ਤੇ ਭਗਤੀ-ਭਾਵ ਨੂੰ ਵੇਖ ਕੇ ਬਾਬਾ ਦਇਆ ਸਿੰਘ ਜੀ ਨੇ ਭਾਈ ਅਵਤਾਰ ਸਿੰਘ ਜੀ ਦਾ ਨਾਮ ਭਾਈ ਬ੍ਰਹਮ ਸਿੰਘ ਜੀ ਰੱਖ ਦਿੱਤਾ। ਜੱਥੇ ਵਿਚ ਭਾਈ ਬ੍ਰਹਮ ਸਿੰਘ ਜਾਂ ਭਾਈ ਅਵਤਾਰ ਸਿੰਘ ਬ੍ਰਹਮਾ ਦੇ ਨਾਂ ਨਾਲ ਬੁਲਾਏ ਜਾਂਦੇ ਸਨ। ਭਾਈ ਅਵਤਾਰ ਸਿੰਘ ਜੀ ਬ੍ਰਹਮਾ ¦ਗਰ ਅਤੇ ਘੋੜਿਆਂ ਦੀ ਸੇਵਾ ਬੜੇ ਸ਼ੌਂਕ ਨਾਲ ਕਰਿਆ ਕਰਦੇ ਸਨ। ਭਾਈ ਸਾਹਿਬ ਜੀ ਸ਼ਸਤਰ ਵਿਦਿਆ ਅਤੇ ਘੋੜ-ਸਵਾਰੀ ਦੇ ਬੜੇ ਮਾਹਿਰ ਸਨ। ਆਪ ਜੀ ਲਗਾਤਾਰ ਦੋ ਘੰਟਿਆਂ ਤੱਕ ਗਤਕਾਬਾਜ਼ੀ ਦੇ ਜੌਹਰ ਵਿਖਾ ਸਕਦੇ ਸਨ ਅਤੇ ਤਲਵਾਰ, ਬਰਛੇ, ਪਿਸਤੌਲ ਤੋਂ ਲੈ ਕੇ ਰਾਕਟ ਲਾਂਚਰ ਤੱਕ ਹਰ ਹਥਿਆਰ ਚਲਾ ਲੈਂਦੇ ਸਨ।

ਇੱਕ ਵਾਰ ਦੀ ਗੱਲ ਹੈ ਕਿ ਬਾਬਾ ਦਇਆ ਸਿੰਘ ਜੀ ਸੁਰਸਿੰਘ ਵਾਲੇ ਅਤੇ ਬਾਬਾ ਬਿਸ਼ਨ ਸਿੰਘ ਜੀ ਬਕਾਲੇ ਵਾਲੇ ਤਰਨਾ ਦਲ ਦੇ ਮੁਖੀ ਆਪਸ ਵਿਚ ਗੱਲਬਾਤ ਕਰ ਰਹੇ ਸਨ ਕਿ ਅਖ਼ਬਾਰਾਂ ਵਿਚ ਆਇਆ ਹੈ ਕਿ ਫ਼ਰਾਂਸ ਦਾ ਇੱਕ ਅੰਗਰੇਜ਼ ਨਿਸ਼ਾਨੇਬਾਜ਼ ਘੋੜ-ਸਵਾਰ ਘੋੜਾ ਭਜਾ ਕੇ ਉਸ ਉੱਪਰ ਬੈਠ ਕੇ ਧਰਤੀ ‘ਤੇ ਗੱਡਿਆ ਕਿੱਲ ਬਰਛੇ ਦੀ ਨੋਕ ਨਾਲ ਪੁੱਟ ਲੈਂਦਾ ਹੈ। ਕੋਲ ਬੈਠੇ ਭਾਈ ਬ੍ਰਹਮ ਸਿੰਘ ਜੀ ਵੀ ਇਸ ਗੱਲ ਨੂੰ ਸੁਣ ਰਹੇ ਸਨ। ਭਾਈ ਬ੍ਰਹਮ ਸਿੰਘ ਜੀ ਨੇ ਕਿਹਾ ਕਿ ਬਾਬਾ ਜੀ, ਫ਼ਰਾਂਸ ਦਾ ਅੰਗਰੇਜ਼ ‘ਇੱਕ ਘੋੜਾ’ ਭਜਾ ਕੇ ਧਰਤੀ ‘ਤੇ ਗੱਡਿਆ ਲੋਹੇ ਦਾ ਕਿੱਲ ਬਰਛੇ ਨਾਲ ਪੁੱਟਦਾ ਹੈ, ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਿਹਰ ਸਦਕਾ ਗੁਰੂ ਕਾ ਸਿੰਘ ‘ਦੋ ਘੋੜਿਆਂ’ ਨੂੰ ਇਕੱਠੇ ਦੌੜਾ ਕੇ, ਦੋ ਘੋੜਿਆਂ ‘ਤੇ ਖਲੋ ਕੇ ਧਰਤੀ ‘ਤੇ ਗੱਡਿਆ ਕਿੱਲ ਬਰਛੇ ਦੀ ਨੋਕ ਨਾਲ ਪੁੱਟ ਸਕਦਾ ਹੈ। ਫਿਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਭਾਈ ਬ੍ਰਹਮ ਸਿੰਘ ਜੀ ਨੇ ਦੋ ਘੋੜਿਆਂ ਨੂੰ ਭਜਾ ਕੇ, ਉਨਾਂ ‘ਤੇ ਖਲੋ ਕੇ ਧਰਤੀ ‘ਤੇ ਗੱਡਿਆ ਕਿੱਲ ਬਰਛੇ ਦੀ ਨੋਕ ਨਾਲ ਪੁੱਟ ਕੇ ਖੁੱਲੇ ਆਕਾਸ਼ ਵੱਲ ਉਚਾ ਉਡਾ ਦਿਤਾ।

ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲਿਆਂ ਦਾ ਸੰਤ ਗਿ: ਜਰਨੈਲ ਸਿੰਘ ਜੀ ਖ਼ਾਲਸਾ ਨਾਲ ਬੜਾ ਪਿਆਰ ਸੀ ਤੇ ਅਕਸਰ ਹੀ ਬਾਬਾ ਜੀ ਜੱਥੇ ਸਮੇਤ ਸੰਤਾਂ ਨੂੰ ਮਿਲਦੇ ਰਹਿੰਦੇ ਸਨ। ਸੰਤ ਗਿ: ਜਰਨੈਲ ਸਿੰਘ ਜੀ ਖ਼ਾਲਸਾ ਦੇ ਵਿਚਾਰ ਸੁਣ ਕੇ ਭਾਈ ਅਵਤਾਰ ਸਿੰਘ ਬ੍ਰਹਮਾ ਤੇ ਉਨਾਂ ਦੇ ਇੱਕ ਹੋਰ ਸਾਥੀ ਭਾਈ ਅਮਰੀਕ ਸਿੰਘ ਜੀ (ਜੌੜਾਸਿੰਘਾ ਵਾਲਾ) ਨਿਹੰਗ ਸਿੰਘ ਉਸ ਇਨਕਲਾਬੀ ਵਿਚਾਰਧਾਰ ਵੱਲ ਖਿੱਚੇ ਗਏ। ਦੋਵਾਂ ਸਿੰਘਾਂ ਨੇ ਸੰਤ ਗਿ: ਜਰਨੈਲ ਸਿੰਘ ਜੀ ਖ਼ਾਲਸਾ ਦੇ ਨਾਲ ਸਿੱਖ ਸੰਘਰਸ਼ ਵਿਚ ਹਿੱਸਾ ਲੈਣ ਦਾ ਫ਼ੈਸਲਾ ਕਰ ਲਿਆ।

ਬਾਬਾ ਦਇਆ ਸਿੰਘ ਜੀ ਤੋਂ ਛੁੱਟੀ ਲੈ ਕੇ ਦੋਵੇਂ ਸਿੰਘ ਜੱਥੇ ਨੂੰ ਫ਼ਤਹਿ ਬੁਲਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਜਾ ਕੇ ਸੰਤ ਗਿ: ਜਰਨੈਲ ਸਿੰਘ ਜੀ ਖ਼ਾਲਸਾ ਨੂੰ ਮਿਲੇ ਅਤੇ ਸਿੱਖ ਸੰਘਰਸ਼ ਵਿਚ ਹਿੱਸਾ ਲੈਣ ਦੀ ਇੱਛਾ ਪ੍ਰਗਟ ਕੀਤੀ। ਉਸ ਵਕਤ ਜਨਰਲ ਸੁਬੇਗ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਬਾਬਾ ਠਾਹਰਾ ਸਿੰਘ ਜੀ, ਭਾਈ ਦੁਰਗਾ ਸਿੰਘ ਜੀ ਤੇ ਭਾਈ ਮੇਜਰ ਸਿੰਘ ਜੀ ਨਾਗੋਕੇ ਵੀ ਸੰਤਾਂ ਕੋਲ ਬੈਠੇ ਸਨ। ਸੰਤ ਜੀ ਨੇ ਸਾਥੀ ਸਿੰਘਾਂ ਨਾਲ ਸਲਾਹ ਉਪਰੰਤ ਦੋਹਾਂ ਸਿੰਘਾਂ ਨੂੰ ਹੁਕਮ ਕੀਤਾ ਕਿ ਸਿੰਘੋ, ਤੁਹਾਡਾ ਇਥੇ ਸ਼ਹੀਦ ਹੋਣ ਦਾ ਕੋਈ ਫ਼ਾਇਦਾ ਨਹੀਂ ਕਿਉਂਕਿ ਹਿੰਦੋਸਤਾਨ ਦੀ ਸਰਕਾਰ ਵੱਲੋਂ ਫ਼ੌਜ ਨਾਲ ਇਥੇ ਹਮਲਾ ਕਰਨ ਦੀ ਤਿਆਰੀ ਹੋ ਚੁੱਕੀ ਹੈ। ਤੁਸੀਂ ਆਪਣੇ ਘਰ ਜਾਉ, ਬਾਣੀ ਪੜੋ ਤੇ ਵਾਹਿਗੁਰੂ ਦਾ ਸਿਮਰਨ ਕਰੋ, ਸਿੰਘ ਤੁਹਾਨੂੰ ਆਪੇ ਮਿਲ ਪੈਣਗੇ। ਸਿੱਖ ਸੰਘਰਸ਼ ਨੂੰ ਜਾਰੀ ਰੱਖਣ ਲਈ ਹੋਰ ਸਿੰਘਾਂ ਨੂੰ ਵੀ ਅੱਜ ਹੀ ਬਾਹਰ ਭੇਜਿਆ ਜਾ ਰਿਹਾ ਹੈ। ਜਥੇਦਾਰ ਦੁਰਗਾ ਸਿੰਘ ਜੀ ਤੁਹਾਨੂੰ ਆਪੇ ਮਿਲ ਪੈਣਗੇ। ਸਿੱਖ ਸੰਘਰਸ਼ ਨੂੰ ਜਾਰੀ ਰੱਖਣ ਲਈ ਤੁਹਾਡਾ ਬਾਹਰ ਜਾਣਾ ਜ਼ਰੂਰੀ ਹੈ।

ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਸੰਤਾਂ ਦੀ ਰਹਿਨੁਮਾਈ ਦਾ ਨਿੱਘ ਮਾਣ ਚੁੱਕੇ ਬਹਾਦਰ ਸਿੰਘਾਂ ਜਥੇਦਾਰ ਦੁਰਗਾ ਸਿੰਘ, ਭਾਈ ਮਨਬੀਰ ਸਿੰਘ ਚਹੇੜੂ, ਭਾਈ ਤਰਸੇਮ ਸਿੰਘ ਕੁਹਾੜ, ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਭਾਈ ਸੁਖਦੇਵ ਸਿੰਘ ਸਖੀਰਾ, ਗਿਆਨੀ ਅਰੂੜ ਸਿੰਘ, ਭਾਈ ਗੁਰਦੇਵ ਸਿੰਘ ਉਸਮਾਨਵਾਲਾ ਅਤੇ ਭਾਈ ਮਥਰਾ ਸਿੰਘ ਜੀ ਵਰਗੇ ਯੋਧੇ ਬਚੇ-ਖੁਚੇ ਸਿੰਘਾਂ ਦੀ ਭਾਲ ਕਰ ਕੇ ਸਿੰਘਾਂ ਨੂੰ ਲਾਮਬੰਦ ਕਰਨ ਲੱਗੇ। ਜਥੇਦਾਰ ਦੁਰਗਾ ਸਿੰਘ ਭਾਈ ਅਵਤਾਰ ਸਿੰਘ ਜੀ ਬ੍ਰਹਮਾ ਨੂੰ ਮਿਲੇ ਅਤੇ ਹਮਖ਼ਿਆਲ ਸਿੰਘਾਂ ਜਥੇਦਾਰ ਬੋਹੜ ਸਿੰਘ ਜੀ ਢੋਲੇਵਾਲ, ਭਾਈ ਪਿੱਪਲ ਸਿੰਘ ਜੀ ਢੋਲੇਵਾਲ, ਭਾਈ ਜਰਨੈਲ ਸਿੰਘ ਜੀ ਡੀ.ਸੀ. ਕਿਰਤੋਵਾਲ, ਭਾਈ ਕੁਲਦੀਪ ਸਿੰਘ ਜੀ ਮੁੱਛਲ, ਭਾਈ ਸੁਰਿੰਦਰ ਸਿੰਘ ਜੀ ਸ਼ਿੰਦਾ ਉਰਫ਼ ਲੰਮਾ ਜੱਟ, ਭਾਈ ਸਤਨਾਮ ਸਿੰਘ ਜੀ ਭਰੋਵਾਲ ਛੋਟਾ ਬ੍ਰਹਮਾ, ਸ੍ਰ. ਗੁਰਦੀਪ ਸਿੰਘ ਜੀ ਵਕੀਲ ਮਨਿਹਾਲਾ, ਭਾਈ ਮਾਧਾ ਸਿੰਘ ਵੇਈਂ-ਪੁਈਂ, ਗਿਆਨੀ ਅਰੂੜ ਸਿੰਘ ਜੀ ਤੇ ਭਾਈ ਗੁਰਦੇਵ ਸਿੰਘ ਜੀ ਉਸਮਾਨਵਾਲਾ ਵਰਗੇ ਖਾੜਕੂ ਯੋਧਿਆਂ ਨੇ ਜੱਥੇਬੰਦ ਹੋ ਕੇ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੀ ਸਥਾਪਨਾ ਕੀਤੀ। ਗਿਆਨੀ ਅਰੂੜ ਸਿੰਘ ਜੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਜੱਥੇਬੰਦੀ ਦੀ ਅਗਵਾਈ ਭਾਈ ਅਵਤਾਰ ਸਿੰਘ ਬ੍ਰਹਮਾ ਨੇ ਸੰਭਾਲ ਲਈ ਅਤੇ ਪੰਜਾਬ ਅੰਦਰ ਤਾਇਨਾਤ ਕੇਂਦਰੀ ਫ਼ੋਰਸਾਂ, ਸੀ.ਆਰ.ਪੀ.ਐਫ਼., ਨੈਸ਼ਨਲ ਗਾਰਡ, ਬੀ.ਐਸ.ਐਫ਼., ਤੇ ਪੰਜਾਬ ਪੁਲਿਸ ਦੇ ਚੋਣਵੇਂ ਅਧਿਕਾਰੀਆਂ ਤੇ ਅਫ਼ਸਰਾਂ ਦੇ ਵਿਰੁੱਧ ਸੰਘਰਸ਼ ਜਾਰੀ ਰੱਖਿਆ।

ਭਾਈ ਅਵਤਾਰ ਸਿੰਘ ਬ੍ਰਹਮਾ ਤੇ ਜਥੇਦਾਰ ਦੁਰਗਾ ਸਿੰਘ ਦੀ ਅਗਵਾਈ ਵਾਲੇ ਸਿੰਘਾਂ ਦੀ ਸੀ.ਆਰ.ਪੀ.ਐਫ਼. ਦੇ ਜਵਾਨਾਂ ਨਾਲ ਸਿੱਧੀ ਟੱਕਰ ਜ਼ਿਆਦਾ ਹੁੰਦੀ ਸੀ। ਖਾੜਕੂ ਸਿੰਘ ਅਕਸਰ ਹੀ ਸੀ.ਆਰ.ਪੀ.ਐਫ਼. ਦੇ ਜਵਾਨਾਂ ਨੂੰ ਘੇਰ ਕੇ ਉਨਾਂ ਦੇ ਹਥਿਆਰ ਖੋਹ ਲੈਂਦੇ ਸਨ। ਇਸੇ ਤਰਾਂ ਹੀ ਪਿੰਡ ਬਲੇਰ ਵਿਚ ਸੀ.ਆਰ.ਪੀ.ਐਫ਼. ਦੇ ਜਵਾਨਾਂ ਨੂੰ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਸਿੰਘਾਂ ਨੇ ਘੇਰ ਲਿਆ। ਸੀ.ਆਰ.ਪੀ.ਐਫ਼. ਦੇ ਜਵਾਨ ਸਿੰਘਾਂ ਤੋ ਡਰਦੇ ਹੋਏ ਭੱਜ ਤੁਰੇ ਪਰ ਸਿੰਘਾਂ ਨੇ ਕਈਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਅਤੇ ਉਨਾਂ ਦਾ ਗੋਲੀ-ਸਿੱਕਾ ਤੇ ਹਥਿਆਰ ਵੀ ਖੋਹ ਲਏ।

ਭਾਈ ਅਵਤਾਰ ਸਿੰਘ ਬ੍ਰਹਮਾ ਦੀਆਂ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਧੁੰਮਾਂ ਪੈ ਗਈਆਂ। ਸਰਕਾਰ ਦੀਆਂ ਮੀਟਿੰਗਾਂ ਵਿਚ ਬ੍ਰਹਮਾ ਦੀਆਂ ਨਿੱਤ ਦਿਨ ਵਧ ਰਹੀਆਂ ਦਲੇਰਾਨਾ ਕਾਰਵਾਈਆਂ ਦੀ ਚਰਚਾ ਹੁੰਦੀ। ਪੁਲਿਸ ਨੂੰ ਹਰ ਨਿਹੰਗ ਸਿੰਘ ਵਿਚੋਂ ਭਾਈ ਅਵਤਾਰ ਸਿੰਘ ਬ੍ਰਹਮਾ ਨਜ਼ਰ ਆਉਣ ਲੱਗ ਪਿਆ।

ਭਾਈ ਬ੍ਰਹਮਾ ਨੇ ਐਲਾਨ ਕੀਤਾ ਕਿ ਜੇ ਕੋਈ ਦੁਸ਼ਟ ਕਿਸੇ ਸਿੱਖ ਨੂੰ ਤੰਗ ਕਰਦਾ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰੇ। ਅਸੀਂ ਕਿਸੇ ਨਾਲ ਵੀ ਧੱਕਾ ਨਹੀਂ ਹੋਣ ਦਿਆਂਗੇ। ਅਸੀਂ ਆਪਣੀ ਜਾਨ ‘ਤੇ ਖੇਡ ਕੇ ਉਸ ਦੀ ਸਹਾਇਤਾ ਕਰਾਂਗੇ। ਅਸੀਂ ਕਿਸੇ ਨਿਰਦੋਸ਼ ਦਾ ਖ਼ੂਨ ਡੋਲਣ ਵਿਚ ਵਿਸ਼ਵਾਸ ਨਹੀਂ ਰੱਖਦੇ, ਸਾਡੀ ਟੱਕਰ ਜਬਰ-ਜ਼ੁਲਮ ਤੇ ਬੇਇਨਸਾਫ਼ੀ ਨਾਲ ਹੈ। ਜ਼ਿਕਰਯੋਗ ਹੈ ਕਿ ਭਾਈ ਬ੍ਰਹਮਾ ਨੇ ਲੋਕਾਂ ਤੋਂ ਪੈਸੇ ਲੈਣ ਦਾ ਦੋਸ਼ ਸਹੀ ਸਿੱਧ ਹੋਣ ‘ਤੇ ਆਪਣੀ ਹੀ ਜੱਥੇਬੰਦੀ ਦੇ ਲੈਫ਼ਟੀਨੈਂਟ ਜਨਰਲ ਪਹਾੜ ਸਿੰਘ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਅਤੇ ਸਾਥੀ ਸਿੰਘਾਂ ਨੂੰ ਤਾੜਨਾਂ ਕੀਤੀ ਸੀ ਕਿ ਜੇ ਕਿਸੇ ਪਰਿਵਾਰ ਤੋਂ ਜਬਰੀ ਫ਼ਿਰੌਤੀ ਦੀ ਮੰਗ ਕੀਤੀ ਗਈ ਜਾਂ ਕਿਸੇ ਸਿੱਖ ਨੂੰ ਆਚਰਨਹੀਣਤਾ ਦਾ ਦੋਸ਼ੀ ਪਾਇਆ ਗਿਆ ਤਾਂ ਉਸ ਦਾ ਹਸ਼ਰ ਵੀ ਪਹਾੜਾ ਸਿੰਘ ਵਾਲਾ ਹੀ ਹੋਵੇਗਾ।

ਭਾਈ ਅਵਤਾਰ ਸਿੰਘ ਜੀ ਬ੍ਰਹਮਾ ਵੱਡੇ ਤੋਂ ਵੱਡੇ ਸੀ.ਆਰ.ਪੀ.ਐਫ਼. ਦੇ ਘੇਰਿਆਂ ‘ਚੋਂ ਵੀ ਬੜੀ ਬਹਾਦਰੀ ਨਾਲ ਲੜਦੇ ਹੋਏ, ਲਲਕਾਰ ਕੇ ਘੇਰਾ ਤੋੜ ਕੇ ਨਿੱਕਲ ਜਾਂਦੇ ਸਨ। ਪਿੰਡ ਮਾਣਕਪੁਰ (ਪੱਟੀ ਤਹਿਸੀਲ) ਵਿਚ ਸੀ.ਆਰ.ਪੀ.ਐਫ਼. ਨਾਲ ਬੜਾ ਜ਼ਬਰਦਸਤ ਮੁਕਾਬਲਾ ਹੋਇਆ, ਕਈ ਸਿੰਘ ਸ਼ਹੀਦ ਹੋ ਗਏ। ਸੀ.ਆਰ.ਪੀ.ਐਫ਼. ਦਾ ਤਕਰੀਬਨ ਵੀਹ ਹਜ਼ਾਰ ਦੇ ਘੇਰਾ ਸੀ, ਆਸੇ ਪਾਸਿਉਂ ਜ਼ੋਰਦਾਰ ਮੀਂਹ ਦੀ ਵਾਛੜ ਵਾਂਗ ਗੋਲੀ ਚਲਦੀ ਸੀ। ਇਸ ਜ਼ਬਰਦਸਤ ਗੋਲੀਬਾਰੀ ਵਿਚ ਗੋਲੀਆਂ ਭਾਈ ਬ੍ਰਹਮਾ ਦੀ ਦਸਤਾਰ ਤੇ ਦੂਜੇ ਬਸਤਰਾਂ ਨੂੰ ਛੂਹ ਕੇ ਛਾਨਣੀ ਕਰਦੀਆਂ ਰਹੀਆਂ। ਇਸ ਦੇ ਬਾਵਜੂਦ ਵੀ ਭਾਈ ਅਵਤਾਰ ਸਿੰਘ ਜੀ ਬ੍ਰਹਮਾ ਸੀ.ਆਰ.ਪੀ.ਐਫ਼. ਦਾ ਘੇਰਾ ਤੋੜ ਕੇ ਨਿੱਕਲਣ ਵਿਚ ਕਾਮਯਾਬ ਹੋ ਗਏ।

ਤਰਨਤਾਰਨ ਤਹਿਸੀਲ ਵਿਚ ਚੋਹਲਾ ਸਾਹਿਬ ਕਸਬਾ ਹੈ, ਜਿਥੇ ਪੁਲਿਸ ਚੌਂਕੀ ਵਿਚ ਸ਼ਿਵ ਸਿੰਘ (ਛਿੱਬੂ ਰਾਮ) ਥਾਣੇਦਾਰ ਲੱਗਿਆ ਹੋਇਆ ਸੀ। ਉਹ ਲੋਕਾਂ ਉੱਪਰ ਬੜਾ ਰੋਹਬ ਜਮਾਉਂਦਾ ਸੀ। ਕਿਸੇ ਨੂੰ ਵੀ ਗਾਲ ਕੱਢਣ ਲੱਗਿਆਂ ਉਸ ਦੀ ਉਮਰ ਦਾ ਲਿਹਾਜ਼ ਨਹੀਂ ਕਰਦਾ ਸੀ। ਗਾਲ ਸੱਤ ਵਲ ਪਾ ਕੇ ਕੱਢਦਾ ਸੀ ਕਿ ਸੁਣਨ ਵਾਲੇ ਨੂੰ ਜਿਊਂਦੇ ਹਲਾਲ ਕਰ ਦਿੰਦਾ ਸੀ। ਜੇ ਕਰ ਕੋਈ ਬਜ਼ਾਰ ਜਾਂਦਾ ਸਾਈਕਲ ਵਾਲਾ ਘੰਟੀ ਜਾਂ ਕਾਰ, ਸਕੂਟਰ, ਮੋਟਰ ਸਾਈਕਲ ਵਾਲਾ ਹਾਰਨ ਵਜਾ ਦਿੰਦਾ ਤਾਂ ਚਪੇੜਾਂ, ਡੰਡਿਆਂ ਤੇ ਗਾਲਾਂ ਦੀ ਵਾਛੜ ਕਰ ਦਿੰਦਾ। ਅਕਸਰ ਆਪਣੇ ਸਾਥੀ ਪੁਲਿਸ ਵਾਲਿਆਂ ਨੂੰ ਕਹਿੰਦਾ ਕਿ ਤੁਸੀਂ ਸੂਹ ਰੱਖੋ, ਆਪਾ ਬ੍ਰਹਮਾ ਦੀ ਬ੍ਰਹਮੀ ਬਣਾਉਣੀ ਹੈ ਤੇ ਰਿਬੇਰੋ ਕੋਲੋਂ ਡੀ.ਐੱਸ.ਪੀ. ਦੇ ਸਟਾਰ ਲਵਾ ਕੇ ਪੁਲਿਸ ਕਪਤਾਨ ਬਣਨਾ ਹੈ। ਭਾਈ ਸਾਹਿਬ ਇਹ ਸੁਣ ਕੇ ਹੱਸ ਛੱਡਦੇ ਤੇ ਕਹਿੰਦੇ ਕਿ ਵਿਚਾਰਾ ਗ਼ਰੀਬ ਘਰ ਚੋਂ ਉੱਠ ਕੇ ਥਾਣੇਦਾਰ ਬਣਿਆ ਹੈ, ਚਾਰ ਦਿਨ ਉਸ ਨੂੰ ਵੀ ਮਨ ਖ਼ੁਸ਼ ਕਰ ਲੈਣ ਦਿਉ।

ਇੱਕ ਦਿਨ ਪੁਲਿਸ ਚੌਂਕੀ ਦੇ ਸਾਹਮਣੇ ਚਾਹ ਵਾਲੀ ਦੁਕਾਨ ਵਿਚ ਬੈਠਾ ਆਪਣੇ ਸਾਥੀ ਪੁਲਿਸ ਵਾਲਿਆਂ ਨੂੰ ਕਹਿੰਦਾ ਕਿ ਓਏ ਕੰਜਰ ਦਿਉ ਪੁਤੋ, ਤੁਸੀਂ ਵੀ ਖੋਤੇ ਹੋ, ਤੁਹਾਡੇ ਤੋਂ ਬ੍ਰਹਮੇ ਦੀ ਸੂਹ ਨਹੀਂ ਨਿਕਲਦੀ। ਪੁਲਿਸ ਦਾ ਹੌਲਦਾਰ ਕਹਿ ਰਿਹਾ ਸੀ ਕਿ ਜਨਾਬ, ਕੀ ਕਰੀਏ, ਲੋਕ ਬ੍ਰਹਮਾ ਦੇ ਦੀਵਾਨੇ ਹਨ। ਕੋਈ ਉਸ ਬਾਰੇ ਗੱਲ ਕਰਨ ਲਈ ਤਿਆਰ ਹੀ ਨਹੀਂ।

ਛਿੱਬੂ ਕਹਿੰਦਾ ਕਿ ਨਲਾਇਕੋ, ਪਿੰਡਾਂ ਵਿਚ ਲੋਕਾਂ ਨੂੰ ਸ਼ਰਾਬ ਕੱਢਣ ਦੀ ਖੁੱਲ• ਦਿਉ, ਲਾਲਚ ਦਿਉ, ਆਖੋ ਕਿ ਬ੍ਰਹਮਾ ਨੂੰ ਫੜਾਉ ਤੇ ਮੌਜਾਂ ਮਾਣੋ। ਵੇਖੋ ਕਿੰਨੀ ਛੇਤੀ ਲੋਕ ਆਪ ਹੀ ਬ੍ਰਹਮੀ ਨੂੰ ਫੜ ਕੇ ਆਪਣੇ ਸਾਹਮਣੇ ਪੇਸ਼ ਕਰਦੇ ਹਨ। ਇਸ ਦੁਕਾਨ ਵਿਚ ਭਾਈ ਦੁਰਗਾ ਸਿੰਘ ਵੀ ਇੱਕ ਪੇਂਡੂ ਜੱਟ ਦੇ ਭੇਸ ਵਿਚ ਬੈਠਾ ਸੀ। ਥਾਣੇਦਾਰ ਦੀ ਗੱਲ ਸੁਣ ਕੇ ਕਹਿਣ ਲੱਗਾ ਕਿ ਜੇ ਇਹ ਸੇਵਾ ਮੈਨੂੰ ਦੇ ਦਿੱਤੀ ਜਾਵੇ ਤਾਂ ਮੈਂ ਛੇਤੀ ਹੀ ਤੁਹਾਨੂੰ ਬ੍ਰਹਮਾ ਦੇ ਦਰਸ਼ਨ ਕਰਵਾ ਦੇਵਾਂਗਾ, ਤੇ ਬਾਕੀ ਰਹੀ ਬ੍ਰਹਮਾ ਨੂੰ ਕਾਬੂ ਕਰਨ ਦੀ, ਉਹ ਤੁਸੀਂ ਆਪ ਕਰ ਲੈਣਾ। ਮੇਰੀ ਸਿਆਣ ਰੱਖਣੀ ਤੇ ਮੇਰਾ ਇਨਾਮ ਕੋਈ ਹੋਰ ਨਾ ਲੈ ਜਾਵੇ। ਥਾਣੇਦਾਰ ਕਹਿੰਦਾ ਕਿ ਫਿਕਰ ਨਾ ਕਰ ਜੱਟਾ, ਤੂੰ ਇੱਕ ਵਾਰ ਬ੍ਰਹਮੇ ਦੇ ਦਰਸ਼ਨ ਕਰਵਾ ਦੇ, ਫਿਰ ਤੇਰਾ ਇਨਾਮ ਪੱਕਾ। ਜਿਸ ਥਾਣੇ ਵਿਚ ਵੀ ਜਾਇਆ ਕਰੇਂਗਾ, ਤੈਨੂੰ ਕੁਰਸੀ ਮਿਲਿਆ ਕਰੇਗੀ, ਤੇਰੀ ਸਰਕਾਰੇ-ਦਰਬਾਰੇ ਪੂਰੀ ਪੁੱਛ-ਪ੍ਰਤੀਤ ਹੋਵੇਗੀ, ਸਾਰੀ ਉਮਰ ਮੌਜਾਂ ਕਰੀਂ। ਦੁਰਗਾ ਸਿੰਘ ‘ਅੱਛਾ ਜਨਾਬ’ ਕਹਿ ਕੇ ਚਾਹ ਵਾਲੀ ਦੁਕਾਨ ‘ਚੋਂ ਉੱਠ ਕੇ ਅਣਦੱਸੇ ਰਾਹ ਵੱਲ ਚੱਲ ਪਿਆ। ਛਿੱਬੂ ਖ਼ੁਸ਼ ਸੀ ਕਿ ਅੱਜ ਇੱਕ ਅਣਜਾਣ ਜਿਹੇ ਪੇਂਡੂ ਜੱਟ ਨੇ ਉਸ ਨੂੰ ਬ੍ਰਹਮਾ ਦੇ ਦਰਸ਼ਨ ਕਰਵਾਉਣ ਦਾ ਵਾਅਦਾ ਕੀਤਾ ਹੈ। ਉਸ ਨੂੰ ਆਪਣੇ ਮੋਢਿਆਂ ‘ਤੇ ਸਟਾਰ ਵਧਦੇ ਨਜ਼ਰ ਆਉਣ ਲੱਗੇ ਤੇ ਸੁਪਨਿਆਂ ਵਿਚ ਆਪਣੇ ਆਪ ਨੂੰ ਡੀ.ਐਸ.ਪੀ. ਦੇ ਅਹੁਦੇ ‘ਤੇ ਬੈਠਾ ਵੇਖਣ ਲੱਗਾ।

ਭਾਈ ਦੁਰਗਾ ਸਿੰਘ, ਭਾਈ ਅਵਤਾਰ ਸਿੰਘ ਦੇ ਸਾਥੀਆਂ ਨੂੰ ਮਿਲਿਆ ਕਿ ਅੱਜ ਮੈ ਚੋਹਲਾ ਸਾਹਿਬ ਚੌਂਕੀ ਦੇ ਥਾਣੇਦਾਰ ਸ਼ਿਵ ਸਿਹੁੰ ਛਿੱਬੂ ਨੂੰ ਅਵਤਾਰ ਸਿੰਘ ਬ੍ਰਹਮਾ ਦੇ ਦਰਸ਼ਨ ਕਰਵਾਉਣ ਦਾ ਵਾਅਦਾ ਕਰ ਕੇ ਆਇਆ ਹਾਂ। ਸਿੰਘੋ, ਤਿਆਰੇ ਕਰੋ, ਬ੍ਰਹਮਾ ਨੂੰ ਵੇਖਣ ਲਈ ਛਿੱਬੂ ਥਾਣੇਦਾਰ ਬੜਾ ਕਾਹਲਾ ਹੈ। ਬ੍ਰਹਮਾ, ਕਮੀਜ਼ ਪਜਾਮਾ ਪਾ ਕੇ, ਪੋਚਵੀਂ ਪੱਗ ਬੰਨ ਲਵੀਂ, ਤੈਨੂੰ ਪਸੰਦ ਕਰਨੈਂ ਛਿੱਬੂ ਨੇ ਤੇ ਮਿਲਣੀ ਮੈਂ ਆਪੇ ਕਰ ਲਵਾਂਗਾ। ਛਿੱਬੂ ਰਾਮ ਦਾ ਸਵਾਗਤ ਤੇ ਰਾਸ਼ਨ-ਪਾਣੀ ਵਰਤਾਉਣ ਦੀ ਸੇਵਾ ਜਥੇਦਾਰ ਬੋਹੜ ਸਿੰਘ, ਭਾਈ ਪਿੱਪਲ ਸਿੰਘ, ਭਾਈ ਗੁਰਦੇਵ ਸਿੰਘ ਉਸਮਾਨਵਾਲਾ, ਭਾਈ ਗੁਰਦੀਪ ਸਿੰਘ ਵਕੀਲ ਤੇ ਭਾਈ ਕਰਨੈਲ ਸਿੰਘ ਡੀ.ਸੀ. ਕਰ ਲੈਣਗੇ। ਲਾਗੀ ਦਾ ਕੰਮ ਭਾਈ ਸੁਰਿੰਦਰ ਸਿੰਘ ਲੰਮਾ ਜੱਟ ਕਰ ਲਵੇਗਾ।

ਸਿੰਘਾਂ ਨੇ ਆਪਣੀ ਸਕੀਮ ਅਨੁਸਾਰ ਚੋਹਲਾ ਸਾਹਿਬ ਤੋਂ ਸਰਹਾਲੀ ਵਾਲੀ ਸੜਕ ‘ਤੇ ਨਹਿਰ ਦੇ ਪੁਲ ‘ਤੇ ਮੋਰਚੇ ਮੱਲ ਲਏ। ਭਾਈ ਸੁਰਿੰਦਰ ਸਿੰਘ ਸ਼ਿੰਦਾ ਨੇ ਥਾਣੇਦਾਰ ਨੂੰ ਇਤਲਾਹ ਦਿੱਤੀ ਕਿ ਬ੍ਰਹਮਾ ਨਿਹੰਗ ਸਰਹਾਲੀ ਵਾਲੀ ਸੜਕ ‘ਤੇ ਫਿਰਦਾ ਹੈ, ਤੇ ਉਸ ਕੋਲ ਕੋਈ ਹਥਿਆਰ ਵੀ ਨਹੀਂ ਹੈ। ਮੈਨੂੰ ਕਿਸੇ ਖ਼ਾਸ ਬੰਦੇ ਨੇ ਭੇਜਿਆ ਹੈ, ਉਹ ਉਸ ਦੇ ਪਿੱਛੇ ਨਜ਼ਰ ਰੱਖ ਰਿਹਾ ਹੈ, ਉਹ ਤੁਹਾਨੂੰ ਰਸਤੇ ਵਿਚ ਹੀ ਰੋਕ ਕੇ ਬ੍ਰਹਮੇ ਬਾਰੇ ਦੱਸੇਗਾ। ਅੱਜ ਤਾਂ ਬਹੁਤੀ ਫ਼ੋਰਸ ਦੀ ਵੀ ਲੋੜ ਨਹੀਂ, ਤੁਸੀ ਬਹੁਤ ਆਸਾਨੀ ਨਾਲ ਬ੍ਰਹਮੇ ਨੂੰ ਕਾਬੂ ਕਰ ਸਕਦੇ ਹੋ। ਇਹ ਸੁਣ ਕੇ ਛਿੱਬੂ ਰਾਮ ਨੂੰ ਚਾਅ ਚੜ ਗਿਆ। ਉਸ ਨੇ ਚਾਰ ਸਿਪਾਹੀ ਲਏ ਅਤੇ ਪ੍ਰਾਈਵੇਟ ਜੀਪ ਵਾਲੇ ਨੂੰ ਘੇਰ ਕੇ ਨਾਲ ਚੱਲਣ ਲਈ ਕਿਹਾ। ਜਦੋਂ ਉਹ ਸਰਹਾਲੀ ਤੋਂ ਅੱਗੇ ਖਾਰੇ ਵਾਲੇ ਪੁਲ ‘ਤੇ ਪਹੁੰਚਿਆ ਤਾਂ ਜਥੇਦਾਰ ਦੁਰਗਾ ਸਿੰਘ ਤੇ ਭਾਈ ਬ੍ਰਹਮਾ ਸੜਕ ‘ਤੇ ਖੜੇ ਸਨ, ਦੂਜੇ ਸਿੰਘ ਮੋਰਚਾ ਮੱਲੀ ਬੈਠੇ ਸਨ। ਦੁਰਗਾ ਸਿੰਘ ਨੇ ਜੀਪ ਨੂੰ ਰੁਕਣ ਦਾ ਇਸ਼ਾਰਾ ਕੀਤਾ, ਜੀਪ ਹੌਲੀ ਹੋ ਕੇ ਰੁਕੀ। ਜਥੇਦਾਰ ਦੁਰਗਾ ਸਿੰਘ ਨੇ ਕਿਹਾ,” ਥਾਣੇਦਾਰ ਸਾਹਿਬ! ਤੁਹਾਡੇ ਸਾਹਮਣੇ ਜਨਰਲ ਬ੍ਰਹਮਾ ਖੜਾ ਹੈ, ਦਰਸ਼ਨ ਕਰ ਲਉ। ਕਰ ਲਉ ਬ੍ਰਹਮ ਸਿੰਘ ਦਾ ਦੀਦਾਰ, ਪਸੰਦ ਜੇ?” ਇਹ ਆਖ ਕੇ ਜਥੇਦਾਰ ਦੁਰਗਾ ਸਿੰਘ ਚੀਤੇ ਵਰਗੀ ਫ਼ੁਰਤੀ ਨਾਲ ਜੀਪ ਤੋਂ ਪਾਸੇ ਹੋ ਗਿਆ। ਮੋਰਚੇ ਮੱਲੀ ਬੈਠੇ ਸਿੰਘਾਂ ਨੇ ‘ਸਤਿ ਸ੍ਰੀ ਅਕਾਲ’ ਬੋਲ ਕੇ ਫ਼ਾਇਰਿੰਗ ਸ਼ੁਰੂ ਕਰ ਦਿੱਤੀ। ਸਿੰਘਾਂ ਦੀ ਗੋਲੀਬਾਰੀ ਵਿਚ ਬ੍ਰਹਮਾ ਨੂੰ ਫੜਨ ਆਇਆ ਥਾਣੇਦਾਰ ਛਿੱਬੂ ਤੇ ਉਸ ਦੇ ਸਾਥੀ ਪੁਲਿਸ ਵਾਲੇ ਮਾਰੇ ਗਏ ਅਤੇ ਸਿੰਘਾਂ ਨੇ ਪੁਲਿਸ ਦੇ ਹਥਿਆਰ ਤੇ ਗੋਲੀ-ਸਿੱਕਾ ਵੀ ਖੋਹ ਲਿਆ।

ਜਥੇਦਾਰ ਬ੍ਰਹਮਾ ਦੀਆਂ ਪੰਜਾਬ ਭਰ ਵਿਚ ਵਧ ਰਹੀਆਂ ਦਲੇਰਾਨਾ ਖਾੜਕੂ ਕਾਰਵਾਈਆਂ ਦੀ ਗੂੰਜ ਦਿੱਲੀ ਦੇ ਗ੍ਰਹਿ ਮੰਤਰੀ ਦੀਆਂ ਮੀਟਿੰਗਾਂ ਤੱਕ ਪੈਣ ਲੱਗੀ। ਭਾਈ ਅਵਤਾਰ ਸਿੰਘ ਬ੍ਰਹਮਾ ਨੂੰ ਖੁਫ਼ੀਆ ਰਿਪੋਰਟਾਂ ਵਿਚ ਮੰਡ ਦਾ ਰਾਜਾ ਕਿਹਾ ਜਾਣ ਲੱਗਾ। ਪੁਲਿਸ ਮੁਖੀ ਰਿਬੇਰੋ ਨੇ ਮੰਡ ਇਲਾਕੇ ਦਾ ਅਪਰੇਸ਼ਨ ਕਰਨ ਦਾ ਫ਼ੈਸਲਾ ਕਰ ਲਿਆ। ਪੁਲਿਸ ਮੁਖੀ ਰਿਬੇਰੋ ਦੀਆਂ ਹਦਾਇਤਾਂ ‘ਤੇ ਮੰਡ ਇਲਾਕਾ ਤੇ ਦਰਿਆ ਵਿਚਲੇ ਝੱਲਾਂ-ਛੰਭਾਂ ਨੂੰ ਘੇਰ ਲਿਆ। ਇਸ ਘੇਰੇ ਨੂੰ ਵੇਖ ਕੇ 18ਵੀਂ ਸਦੀ ਦੇ ਲਖਪਤ ਰਾਏ ਵੱਲੋਂ ਕਾਹਨੂੰਵਾਨ ਛੰਭ ਦੇ ਸਿੰਘਾਂ ਦੇ ਘੇਰੇ ਦੀ ਯਾਦ ਆ ਜਾਂਦੀ ਹੈ। ਪੁਲਿਸ ਤੇ ਸੀ.ਆਰ.ਪੀ.ਐਫ਼. ਨੇ ਹਜ਼ਾਰਾਂ ਦੀ ਗਿਣਤੀ ਵਿਚ ਦਰਿਆ ਦੇ ਝੱਲਾਂ-ਛੰਭਾਂ ਨੂੰ ਘੇਰ ਲਿਆ। ਸੀ.ਆਰ.ਪੀ.ਐਫ਼. ਦੇ ਅਫ਼ਸਰ ਦੋ ਹੈਲੀਕਾਪਟਰਾਂ ਵਿਚ ਸਵਾਰ ਹੋ ਕੇ ਸਿੰਘਾਂ ਦੇ ਟਿਕਾਣੇ ਵੇਖਣ ਲੱਗੇ। ਭਾਈ ਅਵਤਾਰ ਸਿੰਘ ਬ੍ਰਹਮਾ ਤੇ ਜਥੇਦਾਰ ਦੁਰਗਾ ਸਿੰਘ ਦਾ ਜੱਥਾ ਮੰਡ ਵਿਚ ਹੀ ਲੁਕ ਕੇ ਬੈਠਾ ਸੀ। ਹੈਲੀਕਾਪਟਰ ਨੀਵੇਂ ਉੱਡ ਰਹੇ ਸਨ, ਜਦੋਂ ਹੈਲੀਕਾਪਟਰ ਸਿੰਘਾਂ ਦੀ ਗੋਲੀ ਦੀ ਮਾਰ ਹੇਠ ਆਇਆ ਤਾਂ ਉਨਾਂ ਨਿਸ਼ਾਨਾ ਲਾ ਕੇ ਹੈਲੀਕਾਪਟਰ ਹੇਠਾਂ ਸੁੱਟ ਲਿਆ। ਘੇਰਾ ਪਾਈ ਸੁਰੱਖਿਆ ਬਲਾਂ ਵਿਚੋਂ ਹੈਲੀਕਾਪਟਰ ਦੀ ਮੱਦਦ ਲਈ ਕੋਈ ਨਾ ਪਹੁੰਚਿਆ। ਦੂਜਾ ਹੈਲੀਕਾਪਟਰ ਸਿੰਘਾਂ ਦੀ ਮਾਰ ਤੋਂ ਬਚਣ ਲਈ ਕਿਸੇ ਹੋਰ ਪਾਸੇ ਉਡਾਨ ਭਰ ਕੇ ਹੀ ਸਮਾਂ ਲੰਘਾਉਂਦਾ ਰਿਹਾ। ਇਸ ਤੋਂ ਬਾਅਦ ਸਿੰਘ ਰਾਤ ਦੇ ਹਨੇਰੇ ਵਿਚ ਮੰਡ ਇਲਾਕੇ ‘ਚੋਂ ਨਿਕਲ ਗਏ।

ਭਾਈ ਅਵਤਾਰ ਸਿੰਘ ਬ੍ਰਹਮਾ ਦੀ ਭਾਲ ਵਿਚ ਸੀ.ਆਰ.ਪੀ. ਪਿੰਡ ਬ੍ਰਹਮਪੁਰਾ ਦੇ ਵਾਸੀਆਂ ਅਤੇ ਬ੍ਰਹਮਾ ਦੇ ਭਰਾਵਾਂ ਨੂੰ ਬਹੁਤ ਤੰਗ ਕਰਦੀ ਸੀ। 27 ਦਸੰਬਰ 1986 ਨੂੰ ਭਾਈ ਅਵਤਾਰ ਸਿੰਘ ਬ੍ਰਹਮਾ ਤੇ ਭਾਈ ਮਨਬੀਰ ਸਿੰਘ ਚਹੇੜੂ ਉਰਫ਼ ਜਨਰਲ ਹਰੀ ਸਿੰਘ ਕੁਝ ਸਾਥੀ ਸਿੰਘਾਂ ਨਾਲ ਅੱਧੀ ਰਾਤ ਨੂੰ ਪਿੰਡ ਬ੍ਰਹਮਪੁਰਾ ਦੇ ਗੁਰਦੁਆਰਾ ਸਾਹਿਬ ਆਏ ਤੇ ਸਪੀਕਰ ਵਿਚ ਬੋਲਿਆ : ”ਪਿੰਡ ਬ੍ਰਹਮਪੁਰਾ ਦੇ ਵਾਸੀਓ! ਮੈ ਤੁਹਾਡਾ ਅਵਤਾਰ ਸਿੰਘ ਬ੍ਰਹਮਾ ਹਾਂ ਅਤੇ ਮੇਰੇ ਨਾਲ ਜਨਰਲ ਹਰੀ ਸਿੰਘ ਵੀ ਹੈ। ਮੈਂ ਜਾਣਦਾ ਹਾਂ ਕਿ ਸੀ.ਆਰ.ਪੀ. ਵਾਲੇ ਤੁਹਾਨੂੰ ਮੇਰੇ ਕਰਕੇ ਤੰਗ ਕਰਦੇ ਹਨ ਤੇ ਕਹਿੰਦੇ ਹਨ ਕਿ ਬ੍ਰਹਮਾ ਨੂੰ ਫੜਾਉ। ਮੈਂ ਸੀ.ਆਰ.ਪੀ. ਵਾਲਿਆਂ ਨੂੰ ਕਹਿੰਦਾ ਹਾਂ ਕਿ ਜੇਕਰ ਤੁਹਾਡੇ ਵਿਚ ਹਿੰਮਤ ਹੈ ਤਾਂ ਅਵਤਾਰ ਸਿੰਘ ਬ੍ਰਹਮਾ ਨੂੰ ਫੜ ਲਉ। ਪਿੰਡ ਦੇ ਨਿਰਦੋਸ਼ ਲੋਕਾਂ ‘ਤੇ ਜ਼ੁਲਮ ਕਰਨਾ ਬਹਾਦਰੀ ਨਹੀਂ। ਆਉ ਅੱਜ ਆਪਾਂ ਬਹਾਦਰੀ ਕਰ ਕੇ ਜੰਗ ਦੇ ਚਾਅ ਲਾਹ ਲਈਏ। ਤੁਹਾਡੇ ਕੋਲ ਵੀ ਹਥਿਆਰ ਹਨ, ਸਾਡੇ ਕੋਲ ਵੀ ਹਥਿਆਰ ਹਨ, ਆਉ ਅੱਜ ਅਸਲੀ ਮੁਕਾਬਲਾ ਕਰੀਏ ਤੇ ਫਿਰ ਦਿਨੇਂ ਗਿਣਤੀ ਕਰਨੀ ਕਿ ਸਿੰਘ ਤੁਹਾਡੇ ਕਿਵੇਂ ਸੱਥਰ ਵਿਛਾ ਕੇ ਜਾਂਦੇ ਹਨ। ਆ ਜਾਵੋ ਸੀ.ਆਰ.ਪੀ.ਐਫ਼. ਵਾਲਿਓ, ਤੁਹਾਨੂੰ ਦਿੱਲੀ ਦੀ ਤਾਕਤ ਤੇ ਫ਼ੌਜਾਂ ‘ਤੇ ਮਾਣ ਹੈ, ਮੈਨੂੰ ਆਪਣੇ ਗੁਰੂ ‘ਤੇ ਮਾਣ ਹੈ। ਅਸੀਂ ਸਵਾ-ਸਵਾ ਲੱਖ ਨਾਲ ਇੱਕ-ਇੱਕ ਸਿੰਘ ਨੂੰ ਲੜਾਉਣ ਵਾਲੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ। ਸੀ.ਆਰ.ਪੀ. ਵਾਲਿਓ, ਚੌਂਕੀ ਵਿਚੋਂ ਇੱਕ ਵਾਰ ਬਾਹਰ ਤਾਂ ਆਉ, ਗੁਰੂ ਕਾ ਸਿੱਖ ਬ੍ਰਹਮਾ ਤੁਹਾਡੀ ਉਡੀਕ ਕਰ ਰਿਹਾ ਹੈ, ਤੁਹਾਨੂੰ ਮਿਲਣ ਆਇਆ ਹੈ। ਅੱਜ ਤੁਸੀਂ ਜਿਵੇਂ ਚਾਹੇ ਮਿਲ ਸਕਦੇ ਹੋ। ਜਾਂ ਤਾਂ ਅੱਜ ਤੋਂ ਬਾਅਦ ਬੇਦੋਸ਼ਿਆਂ ਨੂੰ ਤੰਗ ਕਰਨਾ ਬੰਦ ਕਰ ਦਿਉ ਜਾਂ ਬ੍ਰਹਮੇ ਦੇ ਸਾਹਮਣੇ ਆ ਕੇ ਆਪਣੀ ਬਹਾਦਰੀ ਦੇ ਚਾਅ ਲਾਹ ਲਵੋ। 27 ਦਸੰਬਰ ਸੰਨ 1986 ਦੀ ਰਾਤ ਭਾਈ ਅਵਤਾਰ ਸਿੰਘ ਬ੍ਰਹਮਾ ਸੀ.ਆਰ.ਪੀ. ਵਾਲਿਆਂ ਨੂੰ ਵੰਗਾਰਦਾ ਰਿਹਾ, ਪਰ ਕੋਈ ਵੀ ਮਾਈ ਦਾ ਲਾਲ ਬ੍ਰਹਮੇ ਦੀ ਲਲਕਾਰ ਸੁਣ ਕੇ ਬਾਹਰ ਨਾ ਆਇਆ।

ਜਦੋਂ ਸੀ.ਆਰ.ਪੀ. ਵਾਲਿਆਂ ਨੂੰ ਇਹ ਅੰਦਾਜ਼ਾ ਹੋ ਗਿਆ ਸਿੰਘ ਪਿੰਡ ਵਿਚੋਂ ਚਲੇ ਗਏ ਹਨ ਤਾਂ ਆਪਣੀ ਬੁਜ਼ਦਿਲੀ ‘ਤੇ ਪਰਦਾ ਪਾਉਣ ਲਈ ਪਿੰਡ ਬ੍ਰਹਮਪੁਰਾ ਦੇ ਵਾਸੀਆਂ ‘ਤੇ ਜ਼ੁਲਮ ਢਾਹੁਣ ਲੱਗੇ। ਪਿੰਡ ਵਾਸੀਆਂ ਨੂੰ ਘਰਾਂ ਵਿਚੋਂ ਧੂਹ ਕੇ ਕੁੱਟ-ਮਾਰ ਕੀਤੀ ਜਾਣ ਲੱਗੀ। ਔਰਤਾਂ ਦੀ ਬੇਇੱਜ਼ਤੀ ਕੀਤੀ ਗਈ। ਹਿੰਦੂ ਪਰਿਵਾਰਾਂ ਨੂੰ ਵੀ ਨਾ ਬਖ਼ਸ਼ਿਆ ਗਿਆ। ਬਾਬਾ ਵਸਾਖਾ ਸਿੰਘ ਦੇ ਗੁਰਦੁਆਰਾ ਸਾਹਿਬ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਨੂੰ ਚੁੱਕ ਕੇ ਪਰਾਲੀ ਦੇ ਢੇਰ ਵਿਚ ਰੱਖ ਕੇ ਅੱਗ ਲਾ ਦਿੱਤੀ ਗਈ। ਹਿੰਦੋਸਤਾਨ ਦੀ ਬਹਾਦਰ ਸੀ.ਆਰ.ਪੀ. ਦੇ ਜਵਾਨਾਂ ਨੇ ਪਿੰਡ ਬ੍ਰਹਮਪੁਰਾ ਵਿਚ ਨਾਦਰਸ਼ਾਹੀ ਦਾ ਨੰਗਾ ਨਾਚ ਨੱਚਿਆ। ਸਾਰੀ ਰਾਤ ਸੀ.ਆਰ.ਪੀ. ਪਿੰਡ ਬ੍ਰਹਮਪੁਰਾ ਦੇ ਵਾਸੀਆਂ ਉੱਤੇ ਜ਼ੁਲਮ ਢਾਹੁੰਦੀ ਰਹੀ।

ਪਿੰਡ ਬ੍ਰਹਮਪੁਰਾ ਦੇ ਅੱਤਿਆਚਾਰ ਤੋਂ ਬਾਅਦ ਜਨਰਲ ਬ੍ਰਹਮਾ ਦੀ ਕਮਾਂਡ ਹੇਠ ਸਿੰਘਾਂ ਨੇ ਸੀ.ਆਰ.ਪੀ. ਦੀਆਂ ਚੌਂਕੀਆਂ ‘ਤੇ ਰਾਕਟਾਂ ਨਾਲ ਹਮਲੇ ਕਰਨੇ ਲੋਹੇ ਦੇ ਚਣੇ ਚਬਾਉਣੇ ਸ਼ੁਰੂ ਕਰ ਦਿੱਤੇ। ਭਾਈ ਅਵਤਾਰ ਸਿੰਘ ਬ੍ਰਹਮਾ ਤੇ ਜੱਥੇਦਾਰ ਦੁਰਗਾ ਸਿੰਘ ਆਰਫ਼ਕੇ, ਸੀ.ਆਰ.ਪੀ. ਨਾਲ ਸਿੱਧੀ ਟੱਕਰ ਲੈਂਦੇ ਸਨ।

22 ਜੁਲਾਈ ਨੂੰ ਭਾਈ ਅਵਤਾਰ ਸਿੰਘ ਬ੍ਰਹਮਾ ਆਪਣੇ ਸਾਥੀ ਸਿੰਘਾਂ ਸਮੇਤ ਭਾਈ ਜਰਨੈਲ ਸਿੰਘ ਕਿਰਤੋਵਾਲ ਉਰਫ਼ ਡੀ. ਸੀ., ਭਾਈ ਸੁਰਿੰਦਰ ਸਿੰਘ ਸ਼ਿੰਦਾ ਉਰਫ਼ ਲੰਮਾ ਜੱਟ, ਮੋਹਾਣਪੁਰ ਵੜਿੰਗ ਨਾਲ ਜੱਥੇਦਾਰ ਝੰਡਾ ਸਿੰਘ ਨਿਹੰਗ ਕੋਲ ਠਹਿਰੇ ਸਨ। ਭਾਈ ਸਾਹਿਬ ਜੀ ਤੇ ਨਾਲ ਦੇ ਸਿੰਘ ਬਾਰਡਰ ਪਾਰ ਕਰ ਕੇ ਪਾਕਿਸਤਾਨ ਜਾਣਾ ਚਾਹੁੰਦੇ ਸਨ, ਪਰ ਬੀ. ਐਸ. ਐਫ਼. ਦੀ ਨਿਗਾਹ ਪੈ ਗਏ। ਬੀ.ਐਸ.ਐਫ਼. ਨੇ ਘੇਰਾ ਪਾ ਲਿਆ ਪਰ ਤਿੰਨੇ ਗੁਰੂ ਕੇ ਲਾਲ ਘੇਰਾ ਤੋੜ ਕੇ ਨਿੱਕਲ ਗਏ। ਬੀ.ਐਸ.ਐਫ਼. ਨੂੰ ਫਿਰ ਸੂਹ ਮਿਲਣ ‘ਤੇ ਘੇਰਾ ਪਾਇਆ, ਇਹ ਯੋਧੇ ਇਸ ਵਿਚੋਂ ਵੀ ਮੁਕਾਬਲਾ ਕਰ ਕੇ ਨਿੱਕਲ ਗਏ। ਬੀ.ਐਸ.ਐਫ਼. ਨੇ ਪੈੜਾਂ ਕੱਢਦੀ ਹੋਈ ਨੇ ਤੀਜਾ ਘੇਰਾ ਪਾਇਆ ਤਾਂ ਇਸ ਵੇਲ ਸਿੰਘਾਂ ਕੋਲ ਗੋਲੀ-ਸਿੱਕਾ ਨਾ-ਮਾਤਰ ਹੀ ਸੀ। ਭਾਈ ਅਵਤਾਰ ਸਿੰਘ ਬ੍ਰਹਮਾ ਨੇ ਸਾਥੀ ਸਿੰਘਾਂ ਨੂੰ ਕਹਿ ਦਿੱਤਾ ਕਿ ਇਸ ਘੇਰੇ ਵਿਚੋਂ ਜਿਹੜਾ ਨਿੱਕਲ ਸਕਦਾ ਹੈ ਨਿੱਕਲ ਜਾਵੋ, ਪਰ ਯਾਦ ਰੱਖਿਓ ਜਿਉਂਦੇ ਜੀਅ ਬੀ.ਐਸ.ਐਫ਼. ਵਾਲਿਆਂ ਦੇ ਹੱਥ ਨਹੀਂ ਆਉਣਾ। ਭਾਈ ਅਵਤਾਰ ਸਿੰਘ ਬ੍ਰਹਮਾ ਨੇ ਚਰੀ ਦੇ ਖੇਤ ਵਿਚ ਮੋਰਚਾ ਮੱਲ ਲਿਆ। ਭਾਈ ਜਰਨੈਲ ਸਿੰਘ ਤੇ ਭਾਈ ਸੁਰਿੰਦਰ ਸਿੰਘ ਲੰਮਾ ਜੱਟ ਘੇਰਾ ਤੋੜ ਕੇ ਬਚ ਨਿੱਕਲਣ ਵਿਚ ਕਾਮਯਾਬ ਹੋ ਗਏ। ਬੀ.ਐਸ.ਐਫ਼. ਦੇ ਜਵਾਨਾਂ ਵੱਲੋਂ ਚਰੀ ਦੇ ਖੇਤ ਵਿਚ ਅੰਨੇਵਾਹ ਫ਼ਾਇਰਿੰਗ ਕਰਨ ਨਾਲ ਭਾਈ ਅਵਤਾਰ ਸਿੰਘ ਬ੍ਰਹਮਾ ਦੇ ਪੇਟ ਵਿਚ ਗੋਲੀਆਂ ਲੱਗੀਆਂ। ਜਦੋਂ ਤੱਕ ਸਾਹ ਰਹੇ ਭਾਈ ਅਵਤਾਰ ਸਿੰਘ ਬ੍ਰਹਮਾ ਬੀ.ਐਸ.ਐਫ਼. ‘ਤੇ ਗੋਲੀ ਚਲਾਉਂਦਾ ਰਿਹਾ। ਇਸ ਤਰਾਂ ਇਹ ਗੁਰੂ ਕਾ ਲਾਲ ਬੀ.ਐਸ.ਐਫ਼. ਦੇ ਜਵਾਨਾਂ ਨਾਲ ਜੂਝਦਾ ਹੋਇਆ ਸ਼ਹੀਦੀ ਪਾ ਗਿਆ। ਭਾਈ ਅਵਤਾਰ ਸਿੰਘ ਬ੍ਰਹਮਾ ਦੇ ਸ਼ਹੀਦ ਹੋਣ ਤੋਂ ਬਾਅਦ ਜੱਥੇਬੰਦੀ ਦੀ ਪੱਗ ਭਾਈ ਗੁਰਜੰਟ ਸਿੰਘ ਬੁਧ ਸਿੰਘ ਵਾਲਾ ਨੂੰ ਬੰਨਾਈ ਗਈ।